ਭਾਰਤ-ਸ਼ਾਸਿਤ ਕਸ਼ਮੀਰ ਨੂੰ ਧਾਰਾ 370 ਰਾਹੀਂ ਵਿਸ਼ੇਸ਼ ਦਰਜਾ ਦਿਵਾਉਣ ਵਾਲੇ ਗੋਪਾਲਸਵਾਮੀ ਆਯੰਗਰ

ਗੋਪਾਲਸਵਾਮੀ ਆਯੰਗਰ Image copyright GOVERNMENT OF INDIA

ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕਸ਼ਮੀਰ 'ਤੇ ਡੋਗਰਾ ਰਾਜ ਪਰਿਵਾਰ ਦਾ ਰਾਜ ਸੀ। ਉਸ ਸਮੇਂ, ਰਾਜਾ ਹਰੀ ਸਿੰਘ ਉੱਥੋਂ ਦੇ ਰਾਜਾ ਸਨ। ਉਸ ਸਮੇਂ ਉੱਥੇ ਬਰਤਾਨਵੀਂ ਦਬਾਅ ਕਾਰਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਸੀ।

ਆਜ਼ਾਦੀ ਤੋਂ ਪਹਿਲਾਂ ਦੱਖਣੀ ਭਾਰਤ ਨਾਲ ਸੰਬੰਧਿਤ ਐੱਨ ਗੋਪਾਲਸਵਾਮੀ ਆਯੰਗਰ ਜੰਮੂ-ਕਸ਼ਮੀਰ ਦੇ ਪ੍ਰਧਾਨ ਮੰਤਰੀ ਸਨ। ਇਹ ਅਯੰਗਰ ਹੀ ਸਨ ਜਿਨ੍ਹਾਂ ਨੇ ਧਾਰਾ 370 ਰਾਹੀਂ ਜੰਮੂ-ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਦਾ ਕੰਮ ਕੀਤਾ ਸੀ।

1927 ਵਿੱਚ ਕਲਕੱਤਾ ਦੇ ਆਈਸੀਐੱਸ ਅਫ਼ਸਰ ਸਰ ਅਲਿਬਿਯਮ ਬੈਨਰਜੀ ਕਸ਼ਮੀਰ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਏ ਗਏ ਸਨ। ਉਨ੍ਹਾਂ ਦਾ ਕਾਰਜਕਾਲ 1929 ਤੱਕ ਚੱਲਿਆ ਸੀ।

ਉਸ ਦੌਰਾਨ, ਕਸ਼ਮੀਰ ਵਿੱਚ ਲਿਆਏ ਗਏ ਪ੍ਰਧਾਨ ਮੰਤਰੀ ਦੀਆਂ ਭੂਮਿਕਾਵਾਂ ਤੇ ਸ਼ਕਤੀਆਂ ਇੱਕ ਦੀਵਾਨ ਦੇ ਬਰਾਬਰ ਹੁੰਦੀਆਂ ਸਨ, ਯਾਨੀ ਉਨ੍ਹਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਨਹੀਂ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕਈ ਪ੍ਰਸਾਸ਼ਨਿਕ ਮਾਮਲਿਆਂ ਵਿੱਚ ਦਖ਼ਲ ਨਹੀਂ ਦੇ ਸਕਦਾ ਸੀ।

ਇਹ ਵੀ ਪੜ੍ਹੋ:

ਇਸੇ ਕਾਰਨ ਬੈਨਰਜੀ ਨੇ ਇਹ ਕਹਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿ ਇੱਥੋਂ ਦੀ ਸਰਕਾਰ ਨੂੰ ਕਸ਼ਮੀਰ ਦੇ ਲੋਕਾਂ ਦੀਆਂ ਲੋੜਾਂ ਤੇ ਉਨ੍ਹਾਂ ਦੇ ਸੰਘਰਸ਼ ਦੀ ਫਿਕਰ ਨਹੀਂ ਹੈ।

ਉਨ੍ਹਾਂ ਤੋਂ ਬਾਅਦ ਸਾਲ 1937 ਵਿੱਚ ਐੱਨ ਗੋਪਾਲਸਵਾਮੀ ਆਯੰਗਰ ਨੂੰ ਜੰਮੂ-ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਸਾਲ 1943 ਤੱਕ ਉਹ ਇਸ ਅਹੁਦੇ 'ਤੇ ਬਣੇ ਰਹੇ ਸਨ।

Image copyright HULTON ARCHIVES/PHOTO DIVISION

ਇਸ ਤੋਂ ਬਾਅਦ ਉਨ੍ਹਾਂ ਨੂੰ ਕਾਊਂਸਲ ਆਫ਼ ਸਟੇਟ ਲਈ ਚੁਣ ਲਿਆ ਗਿਆ। ਸਾਲ 1946 ਵਿੱਚ ਆਯੰਗਰ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ ਬਣੇ। ਬਾਅਦ ਵਿੱਚ 29 ਅਗਸਤ 1947 ਨੂੰ ਉਹ ਬੀ ਆਰ ਅੰਬੇਡਕਰ ਦੀ ਅਗਵਾਈ ਵਿੱਚ ਸੰਵਿਧਾਨ ਦਾ ਖਰੜਾ ਤਿਆਰ ਕਰ ਰਹੀ ਛੇ ਮੈਂਬਰੀ ਕਮੇਟੀ ਦੇ ਮੈਂਬਰ ਰਹੇ ਸਨ।

ਗੋਪਾਲਸਵਾਮੀ ਆਯੰਗਰ ਕੌਣ ਸਨ?

ਗੋਪਾਲਸਵਾਮੀ ਆਯੰਗਰ ਦਾ ਜਨਮ ਦੱਖਣੀ ਭਾਰਤ ਦੀ ਮਦਰਾਸ ਪ੍ਰੈਜ਼ੀਡੈਂਸੀ ਦੇ ਤੰਜਾਵੂਰ ਜ਼ਿਲ੍ਹੇ ਵਿੱਚ 31 ਮਾਰਚ 1882 ਨੂੰ ਹੋਇਆ ਸੀ। ਉਨ੍ਹਾਂ ਨੇ ਵੈਸਟਲੇ ਸਕੂਲ ਤੇ ਕਾਲਜ (ਪ੍ਰੈਜ਼ੀਡੈਂਸੀ ਕਾਲਜ ਅਤੇ ਮਦਰਾਸ ਲਾਅ ਕਾਲਜ) ਦੋਹਾਂ ਵਿੱਚ ਪੜ੍ਹਾਈ ਕੀਤੀ ਸੀ।

Image copyright CONSTITUTIONOFINDIA.NET

ਉਨ੍ਹਾਂ ਦੀ ਪਤਨੀ ਦਾ ਨਾਮ ਕੋਮਲਮ ਸੀ। ਉਨ੍ਹਾਂ ਦੇ ਪੁੱਤਰ ਜੀ ਪਾਰਥਾਸਾਰਥੀ ਇੱਕ ਸੀਨੀਅਰ ਪੱਤਰਕਾਰ ਹਨ, ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਸਾਲ 1904 ਵਿੱਚ ਕੁਝ ਸਮੇਂ ਲਈ ਉਨ੍ਹਾਂ ਨੇ ਮਦਰਾਸ ਦੇ ਪਚਯਪਾ ਕਾਲਜ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਵੀ ਕੰਮ ਕੀਤਾ ਸੀ।

ਅਗਲੇ ਸਾਲ ਮਦਰਾਸ ਸਿਵਲ ਸਰਵਸਿਜ਼ ਵਿੱਚ ਸ਼ਾਮਲ ਹੋ ਗਏ। ਸਾਲ 1919 ਤੱਕ ਉਹ ਡਿਪਟੀ ਕਲੈਕਟਰ ਰਹੇ ਫਿਰ 1920 ਵਿੱਚ ਜ਼ਿਲ੍ਹਾ ਕਲੈਕਟਰ ਵਜੋਂ ਕੰਮ ਕੀਤਾ।

Image copyright Getty Images

ਸਾਲ 1932 ਵਿੱਚ ਉਨ੍ਹਾਂ ਦੀ ਲੋਕ ਸੇਵਾ ਵਿਭਾਗ ਵਿੱਚ ਸਕੱਤਰ ਵਜੋਂ ਤਰੱਕੀ ਹੋ ਗਈ।

ਕਸ਼ਮੀਰ ਦੇ ਪ੍ਰਧਾਨ ਮੰਤਰੀ

ਸਾਲ 1937 ਵਿੱਚ ਆਯੰਗਰ ਨੂੰ ਜੰਮੂ-ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ। ਉਸ ਸਮੇਂ ਜੰਮੂ-ਕਸ਼ਮੀਰ ਦਾ ਪ੍ਰਧਾਨ ਮੰਤਰੀ ਅਤੇ ਸਦਰ-ਏ-ਰਿਆਸਤ ਹੁੰਦੇ ਸਨ। ਸਦਰ-ਏ-ਰਿਆਸਤ ਦੀ ਭੂਮਿਕਾ ਰਾਜਪਾਲ ਕੋਲ ਹੁੰਦੀ ਸੀ।

ਜਦਕਿ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਤੇ ਜਿੰਮੇਵਾਰੀਆਂ ਸਮੇਂ ਨਾਲ ਬਦਲਦੀਆਂ ਰਹੀਆਂ। ਗੋਪਾਲਸਵਾਮੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਕੋਲ ਸੀਮਤ ਸ਼ਕਤੀਆਂ ਸਨ।

Image copyright Getty Images

ਧਾਰਾ 370 ਵਿੱਚ ਭੂਮਿਕਾ

ਆਪਣੇ ਕਾਰਜਕਾਲ ਤੋਂ ਬਾਅਦ ਵੀ ਉਨ੍ਹਾਂ ਨੇ ਕਸ਼ਮੀਰ ਲਈ ਕੰਮ ਕਰਨਾ ਜਾਰੀ ਰੱਖਿਆ। ਜਦੋਂ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਹੋਇਆ ਤਾਂ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਸਨ।

ਹਾਲਾਂਕਿ ਉਹ ਸਿੱਧੇ ਤੌਰ ’ਤੇ ਇਸ ਨਾਲ ਜੁੜੇ ਹੋਏ ਨਹੀਂ ਸਨ। ਉਨ੍ਹਾਂ ਨੇ ਕਸ਼ਮੀਰ ਮਾਮਲਿਆਂ ਦੀ ਜ਼ਿੰਮੇਵਾਰੀ ਆਯੰਗਰ ਦੇ ਸਪੁਰਦ ਕੀਤੀ। ਆਯੰਗਰ ਉਸ ਸਮੇਂ ਬਿਨਾਂ ਪੋਰਟਫੋਲੀਓ ਦੇ ਮੰਤਰੀ ਸਨ।

ਇਹ ਵੀ ਪੜ੍ਹੋ:

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦਾ ਮਸੌਦਾ ਤਿਆਰ ਹੋਣ ਤੋਂ ਬਾਅਦ ਗੋਪਾਲਸਵਾਮੀ ਨੂੰ ਇਹ ਮਸੌਦਾ ਸੰਸਦ ਤੋਂ ਪਾਸ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ।

ਜਦੋਂ ਸਰਦਾਰ ਪਟੇਲ ਨੇ ਸਵਾਲ ਕੀਤਾ ਤਾਂ ਨਹਿਰੂ ਨੇ ਜਵਾਬ ਦਿੱਤਾ, “ਗੋਪਾਲਸਵਾਮੀ ਆਯੰਗਰ ਨੂੰ ਵਿਸ਼ੇਸ਼ ਰੂਪ ਵਿੱਚ ਕਸ਼ਮੀਰ ਮਸਲੇ ’ਤੇ ਮਦਦ ਕਰਨ ਲਈ ਕਿਹਾ ਗਿਆ ਹੈ ਉਹ ਕਸ਼ਮੀਰ ਬਾਰੇ ਡੂੰਘੀ ਸਮਝ ਰੱਖਦੇ ਹਨ ਅਤੇ ਉਨ੍ਹਾਂ ਕੋਲ ਉੱਥੋਂ ਦਾ ਤਜਰਬਾ ਵੀ ਹੈ ਇਸ ਲਈ ਆਯੰਗਰ ਨੂੰ ਉਚਿਤ ਮਾਣ ਮਿਲਣਾ ਚਾਹੀਦਾ ਹੈ।"

Image copyright Getty Images

ਆਯੰਗਰ 'ਤੇ ਨਹਿਰੂ ਨੂੰ ਕੁਝ ਇਸ ਤਰ੍ਹਾਂ ਦਾ ਭਰੋਸਾ ਸੀ।

ਇਸ ਤੋਂ ਬਾਅਦ, ਆਯੰਗਰ ਨੇ ਕਸ਼ਮੀਰ ਵਿਵਾਦ ਬਾਰੇ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ।

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਭਾਰਤੀ ਫੌਜ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਉੱਥੇ ਗਈ ਹੈ ਅਤੇ ਇੱਕ ਵਾਰ ਘਾਟੀ ਵਿੱਚ ਸ਼ਾਂਤੀ ਬਹਾਲ ਹੋ ਜਾਵੇ ਤਾਂ ਉੱਥੇ ਰਾਇਸ਼ੁਮਾਰੀ ਕਰਵਾਈ ਜਾਵੇਗੀ।

ਗੋਪਾਲਸਵਾਮੀ ਆਯੰਗਰ ਅਤੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨੀ ਸਫ਼ੀਰ ਜ਼ਫਰਉਲ੍ਹਾ ਖ਼ਾਨ ਵਿਚਕਾਰ ਤਿੱਖੀ ਸ਼ਬਦੀ ਜੰਗ ਹੋਈ ਸੀ। ਗੋਪਾਲਸਵਾਮੀ ਨੇ ਦਲੀਲ ਰੱਖੀ, "ਕਾਬਾਇਲੀ ਆਪਣੇ-ਆਪ ਭਾਰਤ ਵਿੱਚ ਦਾਖ਼ਲ ਨਹੀਂ ਹੋਏ, ਉਨ੍ਹਾਂ ਦੇ ਹੱਥਾਂ ਵਿੱਚ ਜਿਹੜੇ ਹਥਿਆਰ ਸਨ ਉਹ ਪਾਕਿਸਤਾਨੀ ਫੌਜ ਦੇ ਸਨ।"

ਬਾਅਦ ਵਿੱਚ ਗੋਪਾਲਸਵਾਮੀ ਭਾਰਤ ਦੇ ਰੇਲ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਵੀ ਰਹੇ ਸਨ।

Image copyright HULTON ARCHIVES/PHOTO DIVISION

71 ਸਾਲ ਦੀ ਉਮਰ ਵਿੱਚ ਆਯੰਗਰ ਦੀ ਫਰਵਰੀ 1953 ਵਿੱਚ ਮਦਰਾਸ ਵਿੱਚ ਮੌਤ ਹੋ ਗਈ ਸੀ

ਗੋਪਾਲਸਵਾਮੀ ਦੀ ਮੌਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੇ ਭਾਰਤੀ ਸੰਸਦ ਵਿੱਚ ਉਨ੍ਹਾਂ ਬਾਰੇ ਕਿਹਾ, "ਗੋਪਾਲਸਵਾਮੀ 5-6 ਸਾਲਾਂ ਤੱਕ ਜੰਮੂ-ਕਸ਼ਮੀਰ ਦੇ ਪ੍ਰਧਾਨ ਮੰਤਰੀ ਰਹੇ। ਉਹ ਬਹੁਤ ਮੁਸ਼ਕਲ ਦਿਨ ਸਨ। ਉਨ੍ਹਾਂ ਦਿਨਾਂ ਵਿੱਚ ਅਸੀਂ ਉਸ ਖੇਤਰ ਵਿੱਚ ਲੜਾਈ ਲੜ ਰਹੇ ਸੀ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)