ਝਾਰਖੰਡ ਵਿੱਚ ਭੀੜ ਦੇ ਹੱਥੋਂ ਕੁੱਟੇ ਗਏ ਮੁਸਲਮਾਨ ਨੌਜਵਾਨ ਦੀ ਮੌਤ

ਤਬਰੇਜ਼ ਅੰਸਾਰੀ ਦੀ ਮਾਂ ਅਤੇ ਪਤਨੀ ਸ਼ਾਇਸਤਾ ਪਰਵੀਨ Image copyright SARTAJ ALAM
ਫੋਟੋ ਕੈਪਸ਼ਨ ਤਬਰੇਜ਼ ਦਾ ਕੁਝ ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ

"ਉਹ 17 ਜੂਨ ਦੀ ਰਾਤ ਸੀ। ਮੇਰੇ ਸ਼ੌਹਰ ਜਮਸ਼ੇਦਪੁਰ ਪਿੰਡ ਤੋਂ ਵਾਪਸ ਆ ਰਹੇ ਸਨ, ਤੇ ਉਸੇ ਵੇਲੇ ਧਾਤਕੀਡੀਹ ਪਿੰਡ 'ਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਚੋਰੀ ਦਾ ਇਲਜ਼ਾਮ ਲਗਾ ਕੇ ਸਾਰੀ ਰਾਤ ਬਿਜਲੀ ਦੇ ਖੰਭੇ ਨਾਲ ਬੰਨੀ ਰੱਖਿਆ। ਨਾ ਬੋਲਣ 'ਤੇ ਮੇਰੇ ਸ਼ੌਹਰ ਨੂੰ ਬਹੁਤ ਕੁੱਟਿਆ।"

"ਸਵੇਰ ਹੋਣ 'ਤੇ ਉਨ੍ਹਾਂ ਨੂੰ ਸਰਾਏਕੇਲਾ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ 'ਤੇ ਕਾਰਵਾਈ ਦੀ ਥਾਂ ਮੇਰੇ ਸ਼ੌਹਰ ਨੂੰ ਹੀ ਚੋਰੀ ਦੇ ਇਲਜ਼ਾਮ ਤਹਿਤ ਜੇਲ੍ਹ 'ਚ ਭੇਜ ਦਿੱਤਾ। ਉਨ੍ਹਾਂ ਨੂੰ ਕਈ ਗੁੱਝੀਆਂ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਇੰਤਕਾਲ ਹੋ ਗਿਆ।"

ਸ਼ਾਇਸਤਾ ਪਰਵੀਨ ਇਹ ਕਹਿੰਦਿਆਂ ਹੀ ਰੋਣ ਲਗਦੀ ਹੈ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਨਿਕਾਹ ਕਦਮਡੀਹਾ ਪਿੰਡ ਦੇ ਤਬਰੇਜ਼ ਅੰਸਾਰੀ ਨਾਲ ਹੋਇਆ ਸੀ।

ਇਹ ਵੀ ਪੜ੍ਹੋ-

Image copyright SARTAJ ALAM
ਫੋਟੋ ਕੈਪਸ਼ਨ ਤਬਰੇਜ਼ ਅੰਸਾਰੀ 'ਤੇ ਚੋਰੀ ਦਾ ਇਲਜ਼ਾਮ ਲਗਾ ਕੇ ਕੀਤੀ ਕੁੱਟਮਾਰ

ਇਹ ਪਿੰਡ ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਦੇ ਖਰਸਾਂਵਾ ਥਾਣੇ ਅਧੀਨ ਪੈਂਦਾ ਹੈ।

ਸ਼ਾਇਸਤਾ ਨੇ ਅੱਗੇ ਦੱਸਿਆ, "ਮੈਂ ਪੁਲਿਸ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੂੰ ਮੇਰੀ ਰਿਪੋਰਟ ਦਰਜ ਕਰ ਕੇ ਮੈਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਤਬਰੇਜ਼ ਸਿਰਫ਼ 24 ਸਾਲ ਦੇ ਸਨ। ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ 'ਚ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਲਾਪਰਵਾਹੀ ਵਰਤੀ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।"

ਸਰਾਏਕੇਲਾ ਥਾਣੇ ਦੇ ਇੰਚਾਰਜ ਅਵਿਨਾਸ਼ ਕੁਮਾਰ ਨੇ ਮੀਡੀਆ ਨੂੰ ਕਿਹਾ ਹੈ ਕਿ ਧਾਤਕੀਡੀਹ ਪਿੰਡ ਦੇ ਲੋਕਾਂ ਨੇ ਤਬਰੇਜ਼ ਅੰਸਾਰੀ ਨੂੰ ਚੋਰੀ ਦੇ ਇਲਜ਼ਾਮ 'ਚ ਫੜਿਆ ਸੀ।

ਥਾਣੇ ਦੇ ਇੰਚਾਰਜ ਨੇ ਕਿਹਾ, "ਪਿੰਡ ਵਾਲਿਆਂ ਨੇ ਤਬਰੇਜ਼ ਨੂੰ ਧਾਤਕੀਡੀਹ ਦੇ ਕਮਲ ਮਹਤੋ ਦੀ ਛੱਤ ਤੋਂ ਛਾਲ ਮਾਰਦਿਆਂ ਦੇਖਿਆ ਸੀ। ਉਨ੍ਹਾਂ ਨਾਲ ਦੋ ਹੋਰ ਲੋਕ ਸਨ, ਜੋ ਭੱਜ ਗਏ।"

"ਤਬਰੇਜ਼ ਨੂੰ ਪਿੰਡ ਵਾਲਿਆਂ ਨੇ ਫੜ੍ਹ ਲਿਆ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਚੋਰ ਦੱਸ ਕੇ ਸਾਡੇ ਹਵਾਲੇ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਚੋਰੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।"

"ਅਸੀਂ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਲੈ ਗਏ। ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਸਰਾਏਕੇਲਾ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ। ਇਸ ਵਿੱਚ ਪੁਲਿਸ ਦੀ ਕੋਈ ਲਾਪਰਵਾਹੀ ਨਹੀਂ ਹੈ।"

ਇਹ ਵੀ ਪੜ੍ਹੋ-

Image copyright SARTAJ ALAM
ਫੋਟੋ ਕੈਪਸ਼ਨ ਤਬਰੇਜ਼ ਅੰਸਾਰੀ ਦੀ ਕੁੱਟਮਾਰ ਕਰਨ ਵੇਲੇ ਦਾ ਵੀਡੀਓ ਵਾਇਰਲ ਕੀਤਾ ਗਿਆ

ਇੱਧਰ, ਤਬਰੇਜ਼ ਦੀ ਮੌਤ ਤੋਂ ਬਾਅਦ ਸਰਾਏਕੇਲਾ ਸਦਰ ਹਸਪਤਾਲ 'ਚ ਉਸ ਵੇਲੇ ਹੰਗਾਮਾ ਗਿਆ, ਜਦੋਂ ਜੇਲ੍ਹ ਅਧਿਕਾਰੀ ਪੋਸਟਮਾਰਟਮ ਲਈ ਲਾਸ਼ ਲੈ ਕੇ ਪਹੁੰਚੇ।

ਕੁਝ ਦੇਰ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਗੁੱਸੇ ਨਾਲ ਭਰੇ ਲੋਕਾਂ ਨੂੰ ਸਮਝਾਇਆ ਤਾਂ ਤਬਰੇਜ਼ ਦੀ ਲਾਸ਼ ਨੂੰ ਜਮਸ਼ੇਦਪੁਰ ਭੇਜਿਆ ਗਿਆ।

ਤਬਰੇਜ਼ ਦੀ ਲਿੰਚਿੰਗ ਦਾ ਵੀਡੀਓ

ਇਸ ਵਿਚਾਲੇ ਤਬਰੇਜ਼ ਅੰਸਾਰੀ ਦੀ ਕੁੱਟਮਾਰ ਦੇ ਦੋ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿੱਚ ਪਿੰਡਵਾਸੀ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟ ਰਹੇ ਹਨ।

ਉਸ ਕੋਲੋਂ ਨਾਮ ਪੁੱਛੇ ਜਾਣ ਤੋਂ ਬਾਅਦ 'ਜੈ ਸ਼੍ਰੀਰਾਮ' ਤੇ 'ਜੈ ਹਨੁਮਾਨ' ਦੇ ਨਾਅਰੇ ਲਗਵਾਏ ਜਾ ਰਹੇ ਹਨ।

ਲਿੰਚਿਗ ਦੇ ਇਸ ਵੀਡੀਓ 'ਚ ਕੁਝ ਔਰਤਾਂ ਵੀ ਦਿਖ ਰਹੀਆਂ ਹਨ। ਕੁਝ ਜਾਗਰੂਕ ਲੋਕਾਂ ਨੇ ਇਹ ਵੀਡੀਓ ਸਰਾਏਕੇਲਾ ਖਰਸਾਂਵਾ ਦੇ ਐੱਸਪੀ ਨੂੰ ਵੀ ਮੁਹੱਈਆ ਕਰਵਾਇਆ ਹੈ।

ਮੌਬ ਲਿੰਚਿੰਗ ਨੂੰ ਲੈ ਕੇ ਝਾਰਖੰਡ ਹਮੇਸ਼ਾ ਸੁਰਖ਼ੀਆਂ 'ਚ ਰਿਹਾ ਹੈ। ਝਾਰਖੰਡ ਜਨਾਧਿਕਾਰ ਮੋਰਚਾ ਦੀ ਇੱਕ ਰਿਪੋਰਟ ਮੁਤਾਬਕ ਮੌਜੂਦਾ ਭਾਜਪਾ ਸ਼ਾਸਨ 'ਚ ਘੱਟੋ-ਘੱਟ 12 ਲੋਕ ਇੱਥੇ ਭੀੜ ਹੱਥੋਂ ਮਾਰੇ ਗਏ।

Image copyright SARTAJ ALAM
ਫੋਟੋ ਕੈਪਸ਼ਨ ਤਬਰੇਜ਼ ਸਿਰਫ਼ 24 ਸਾਲ ਦੇ ਸਨ

ਇਨ੍ਹਾਂ ਵਿਚੋਂ 10 ਮੁਸਲਮਾਨ ਹਨ ਅਤੇ 2 ਆਦਿਵਾਸੀ। ਵਧੇਰੇ ਮਾਮਲਿਆਂ 'ਚ ਧਾਰਮਿਕ ਅਸੰਤੁਸ਼ਟੀ ਦੀਆਂ ਗੱਲਾਂ ਸਾਹਮਣੇ ਆਈਆਂ ਅਤੇ ਮੁਲਜ਼ਮਾਂ ਦਾ ਸਬੰਧ ਭਾਜਪਾ ਜਾਂ ਵਿਸ਼ਵ ਹਿੰਦੂ ਪਰੀਸ਼ਦ ਤੇ ਉਸ ਦੇ ਸਹਾਇਕ ਸੰਗਠਨਾਂ ਨਾਲ ਨਿਕਲਿਆ।

ਰਾਮਗੜ੍ਹ 'ਚ ਹੋਈ ਅਲਾਮੁਦੀਨ ਅੰਸਾਰੀ ਦੀ ਲਿੰਚਿੰਗ ਦੇ ਦੋਸ਼ੀਆਂ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ 'ਤੇ ਉਨ੍ਹਾਂ ਦਾ ਮਾਲਾ ਪਾ ਕੇ ਸਵਾਗਤ ਕੀਤੇ ਜਾਣ 'ਤੇ ਨਰਿੰਦਰ ਮੋਦੀ ਸਰਕਾਰ ਦੇ ਤਤਕਾਲੀ ਮੰਤਰੀ ਜਯੰਤ ਸਿਨਹਾ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਇਸ ਦੇ ਬਾਵਜੂਦ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਲਿੰਚਿੰਗ ਦੇ ਦੋਸ਼ੀਆਂ ਨੂੰ ਕੇਸ ਲੜ੍ਹਣ ਲਈ ਆਰਥਿਕ ਮਦਦ ਵੀ ਭੇਜੀ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)