ਉਮੀਦ ਛੱਡ ਚੁੱਕੇ ਲੋਕਾਂ ਲਈ ਮਿਸਾਲ ਹੈ ਇਸ ਰੋਹਿੰਗਿਆ ਰਫਿਊਜੀ ਕੁੜੀ ਦੀ ਕਹਾਣੀ

ਰੋਹਿੰਗਿਆ, ਤਮਸੀਦਾ

''ਮੈਂ ਬੀਏ-ਐੱਲਐੱਲਬੀ ਆਨਰਜ਼ ਕਰਾਂਗੀ, ਮੈਂ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹਾਂ ਤਾਂ ਜੋ ਖ਼ੁਦ ਦੇ ਅਧਿਕਾਰ ਜਾਣ ਸਕਾਂ ਅਤੇ ਲੋਕਾਂ ਦੇ ਅਧਿਕਾਰ ਉਨ੍ਹਾਂ ਨੂੰ ਦੱਸ ਸਕਾਂ।''

''ਮੈਂ ਮਨੁੱਖੀ ਅਧਿਕਾਰ ਕਾਰਕੁਨ ਬਣਨਾ ਚਾਹੁੰਦੀ ਹਾਂ ਤਾਂ ਕਿ ਜਦੋਂ ਆਪਣੇ ਦੇਸ ਵਾਪਿਸ ਜਾਵਾਂ ਤਾਂ ਆਪਣੇ ਅਧਿਕਾਰਾਂ ਦੀ ਲੜਾਈ ਲੜ ਸਕਾਂ।''

22 ਸਾਲ ਤਸਮੀਦਾ ਇਹ ਗੱਲ ਕਹਿੰਦੀ ਹੈ ਤਾਂ ਉਸ ਦੀਆਂ ਅੱਖਾਂ ਉਮੀਦ ਨਾਲ ਭਰ ਜਾਂਦੀਆਂ ਹਨ। ਤਸਮੀਦਾ ਭਾਰਤ ਵਿੱਚ ਰਹਿ ਰਹੇ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਵਿੱਚ ਪਹਿਲੀ ਕੁੜੀ ਹੈ ਜਿਹੜੀ ਕਾਲਜ ਜਾਵੇਗੀ। ਉਸ ਨੇ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀ ਦੇ ਕੋਟੇ ਤਹਿਤ ਫਾਰਮ ਭਰਿਆ ਹੈ।

ਦਿੱਲੀ ਵਿੱਚ ਯਮੁਨਾ ਨਦੀ ਦੇ ਕੰਢੇ ਵਸੀਆਂ ਰੋਹਿੰਗਿਆ ਬਸਤੀਆਂ ਵਿੱਚ ਤਸਮੀਦਾ ਟਾਟ ਅਤੇ ਪਲਾਸਟਿਕ ਨਾਲ ਬਣੇ ਘਰ ਵਿੱਚ ਮਾਤਾ, ਪਿਤਾ ਅਤੇ ਇੱਕ ਭਰਾ ਦੇ ਨਾਲ ਰਹਿੰਦੀ ਹੈ। ਆਪਣੇ ਛੇ ਭਰਾਵਾਂ ਦੀ ਇਕੱਲੀ ਭੈਣ ਤਸਮੀਦਾ ਭਾਰਤ ਵਿੱਚ ਰੋਹਿੰਗਿਆ ਬੱਚੀਆਂ ਲਈ ਇੱਕ ਪ੍ਰੇਰਨਾ ਬਣ ਗਈ ਹੈ।

ਆਪਣੀ ਗੱਲ ਵਿੱਚ ਉਹ ਵਾਰ-ਵਾਰ ਮਿਆਂਮਾਰ ਨੂੰ ਆਪਣਾ ਦੇਸ ਕਹਿੰਦੀ ਹੈ, ਉਹੀ ਮਿਆਂਮਾਰ, ਜੋ ਇਨ੍ਹਾਂ ਰੋਹਿੰਗਿਆ ਮੁਸਲਮਾਨਾਂ ਨੂੰ ਆਪਣਾ ਨਾਗਰਿਕ ਨਹੀਂ ਮੰਨਦਾ।

ਇਹ ਵੀ ਪੜ੍ਹੋ:

ਕਾਲਜ ਤੱਕ ਪੁੱਜਣ ਦੀ ਲੜਾਈ ਤਸਮੀਦਾ ਲਈ ਸੌਖੀ ਨਹੀਂ ਰਹੀ, ਉਹ 6 ਸਾਲ ਦੀ ਉਮਰ ਵਿੱਚ ਮਿਆਂਮਾਰ ਛੱਡ ਕੇ ਬੰਗਲਾਦੇਸ਼ ਆ ਗਈ ਪਰ ਜਦੋਂ ਹਾਲਾਤ ਵਿਗੜੇ ਤਾਂ ਵੱਡੀ ਗਿਣਤੀ ਵਿੱਚ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਆਉਣ ਲੱਗੇ, ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਤਸਮੀਦਾ ਦੇ ਪਰਿਵਾਰ ਨੇ ਸਾਲ 2012 ਵਿੱਚ ਭਾਰਤ 'ਚ ਸ਼ਰਨ ਲਈ।

ਆਪਣੇ ਦੇਸ ਤੋਂ ਨਿਕਲ ਕੇ ਦੋ ਦੇਸਾਂ ਵਿੱਚ ਸ਼ਰਨ ਲੈਣ ਅਤੇ ਆਪਣੀ ਕਹਾਣੀ ਦੱਸਦੇ ਹੋਏ ਤਸਮੀਦਾ ਕਹਿੰਦੀ ਹੈ, ''ਸਾਡੇ ਦਾਦਾ ਜੀ ਅਤੇ ਪੁਰਾਣੀਆਂ ਪੀੜ੍ਹੀਆਂ ਦੇ ਕੋਲ ਨਾਗਰਿਕਤਾ ਸੀ ਪਰ ਪੜ੍ਹੇ-ਲਿਖੇ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਅਧਿਕਾਰ ਨਹੀਂ ਪਤਾ ਸਨ ਅਤੇ ਇਹ ਨਹੀਂ ਸੋਚਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਹੋਵੇਗਾ। ਹੁਣ ਅਸੀਂ ਦਰ-ਦਰ ਦੀ ਠੋਕਰ ਖਾ ਰਹੇ ਹਾਂ। ਅਸੀਂ ਇਸ ਦੁਨੀਆਂ ਦੇ ਤਾਂ ਹਾਂ ਪਰ ਕਿਸੇ ਦੇਸ ਦੇ ਨਹੀਂ।''

''ਮੈਨੂੰ ਬਚਪਨ ਤੋਂ ਡਾਕਟਰ ਬਣਨ ਦਾ ਸ਼ੌਕ ਸੀ, ਮੈਂ ਜਦੋਂ ਭਾਰਤ ਆਈ ਤਾਂ 10ਵੀਂ ਵਿੱਚ ਦਾਖ਼ਲੇ ਲਈ ਅਰਜ਼ੀ ਭਰੀ ਪਰ ਇੱਥੇ ਮੇਰੇ ਕੋਲ ਆਧਾਰ ਕਾਰਡ ਨਹੀਂ ਸੀ ਇਸ ਲਈ ਸਕੂਲਾਂ ਵਿੱਚ ਦਾਖ਼ਲਾ ਨਹੀਂ ਮਿਲਿਆ। ਫਿਰ ਮੈਂ ਓਪਨ ਕੈਂਪਸ ਤੋਂ ਆਰਟਸ ਦਾ ਫਾਰਮ ਭਰਿਆ। 10ਵੀਂ ਪਾਸ ਕਰਨ ਤੋਂ ਬਾਅਦ ਮੈਂ 11ਵੀਂ ਅਤੇ 12ਵੀਂ ਵਿੱਚ ਪੋਲੀਟੀਕਲ ਸਾਇੰਸ ਵਿਸ਼ਾ ਚੁਣਿਆ ਅਤੇ ਜਾਮੀਆ ਦੇ ਸਕੂਲ ਵਿੱਚ ਦਾਖ਼ਲਾ ਲਿਆ। ਹਰ ਦਿਨ ਮੈਂ ਬਰਮਾ ਦੀਆਂ ਖ਼ਬਰਾਂ ਦੇਖਦੀ ਹਾਂ ਉੱਥੇ ਪਤਾ ਨਹੀਂ ਸਾਡੇ ਵਰਗੇ ਕਿੰਨੇ ਲੋਕਾਂ ਨੂੰ ਮਾਰ ਅਤੇ ਸਾੜ ਦਿੰਦੇ ਹਨ। ਇਸ ਲਈ ਮੈਂ ਸੋਚਿਆ ਕਿ ਵਕਾਲਤ ਕਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨ ਬਣਾਂ।''

ਫੋਟੋ ਕੈਪਸ਼ਨ ਤਸਮੀਦਾ

ਨਵਾਂ ਦੇਸ, ਨਵੀਆਂ ਭਾਸ਼ਾਵਾਂ ਅਤੇ ਪੜ੍ਹਾਈ ਦੀ ਜ਼ਿੱਦ

ਕਾਲਜ ਜਾਣ ਦੀ ਖੁਸ਼ੀ ਉਸ ਦੀ ਆਵਾਜ਼ ਤੋਂ ਸਾਫ਼ ਝਲਕਦੀ ਹੈ, ਪਰ ਜਿਵੇਂ ਹੀ ਉਹ ਆਪਣੇ ਬੀਤੇ ਹੋਏ ਕੱਲ੍ਹ ਨੂੰ ਯਾਦ ਕਰਦੀ ਹੈ ਤਾਂ ਸਾਰੀ ਚਮਕ ਉਦਾਸੀ ਵਿੱਚ ਬਦਲ ਜਾਂਦੀ ਹੈ।

ਇਹ ਕੁੜੀ ਉਨ੍ਹਾਂ ਤਮਾਮ ਲੋਕਾਂ ਦਾ ਚਿਹਰਾ ਹੈ ਜਿਨ੍ਹਾਂ ਦਾ ਕੋਈ ਦੇਸ ਨਹੀਂ ਹੈ। ਤਸਮੀਦਾ ਉਸ ਰੋਹਿੰਗਿਆ ਸਮਾਜ ਦੀ ਨਵੀਂ ਪੀੜ੍ਹੀ ਹੈ ਜੋ ਦੁਨੀਆਂ ਵਿੱਚ ਸਭ ਤੋਂ ਵੱਧ ਸਤਾਏ ਗਏ ਭਾਈਚਾਰੇ ਵਿੱਚੋਂ ਇੱਕ ਹੈ। ਇੱਕ ਰਫਿਊਜੀ ਤੋਂ ਇਲਾਵਾ ਉਸ ਦੀ ਕੋਈ ਪਛਾਣ ਨਹੀਂ ਹੈ, ਕੋਈ ਦੇਸ ਨਹੀਂ ਹੈ।

ਪਰ ਤਸਮੀਦਾ ਆਪਣੀ ਪਛਾਣ ਅਤੇ ਹੋਂਦ ਦੀ ਲੜਾਈ ਲੜ ਰਹੀ ਹੈ।

''ਸਾਲ 2005 ਵਿੱਚ ਮੈਂ 6 ਸਾਲ ਦੀ ਸੀ, ਮੇਰੇ ਪਾਪਾ ਕਾਰੋਬਾਰ ਕਰਦੇ ਸਨ, ਉਹ ਬਾਹਰ ਤੋਂ ਸਾਮਾਨ ਲਿਆਉਂਦੇ ਅਤੇ ਬਰਮਾ ਵਿੱਚ ਵੇਚਦੇ ਸਨ। ਇੱਕ ਦਿਨ ਪੁਲਿਸ ਸਾਡੇ ਘਰ ਆਈ ਅਤੇ ਮੇਰੇ ਪਾਪਾ ਨੂੰ ਲੈ ਗਈ। ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਥਾਣੇ ਗਏ ਤਾਂ ਦੇਖਿਆ ਕਈ ਲੋਕਾਂ ਨੂੰ ਪੁਲਿਸ ਚੁੱਕ ਕੇ ਲਿਆਈ ਸੀ। ਪੁਲਿਸ ਰੋਹਿੰਗਿਆ ਲੋਕਾਂ ਤੋਂ ਪੈਸੇ ਲੈਂਦੀ ਅਤੇ ਛੱਡ ਦਿੰਦੀ।''

''ਇਸ ਤੋਂ ਦੋ ਮਹੀਨੇ ਬਾਅਦ ਫਿਰ ਉਹ (ਪੁਲਿਸ ਵਾਲੇ) ਲੋਕ ਆਏ ਅਤੇ ਪਾਪਾ ਨੂੰ ਲੈ ਕੇ ਚਲੇ ਗਏ। ਜਦੋਂ ਪਾਪਾ ਵਾਪਿਸ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇੱਥੇ ਨਹੀਂ ਰਹਾਂਗੇ। ਮੈਂ ਤੀਜੀ ਕਲਾਸ ਵਿੱਚ ਸੀ ਜਦੋਂ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਆ ਗਈ।''

''ਜਦੋਂ ਅਸੀਂ 2005 ਵਿੱਚ ਬੰਗਲਾਦੇਸ਼ ਪਹੁੰਚੇ ਤਾਂ ਸਾਡੇ ਕੋਲ ਕੋਈ ਰਫਿਊਜੀ ਕਾਰਡ ਨਹੀਂ ਸੀ। ਸਭ ਕੁਝ ਠੀਕ ਚੱਲ ਰਿਹਾ ਸੀ, ਉੱਥੇ ਸਕੂਲਾਂ ਵਿੱਚ ਬਾਂਗਲਾ ਭਾਸ਼ਾ ਜ਼ਰੂਰੀ ਸੀ ਤਾਂ ਮੈਂ ਬਾਂਗਲਾ ਸਿੱਖੀ, ਇਸ ਤੋਂ ਬਾਅਦ ਸਕੂਲ ਵਿੱਚ ਦਾਖ਼ਲਾ ਲਿਆ।''

ਇਹ ਵੀ ਪੜ੍ਹੋ:

''ਪਾਪਾ ਮਜ਼ਦੂਰੀ ਕਰਦੇ ਸਨ, ਸਭ ਕੁਝ ਠੀਕ ਚੱਲ ਰਿਹਾ ਸੀ ਫਿਰ ਸਾਲ 2012 ਵਿੱਚ ਰੋਹਿੰਗਿਆ ਲੋਕਾਂ 'ਤੇ ਹਿੰਸਾ ਮਿਆਂਮਾਰ ਵਿੱਚ ਤੇਜ਼ ਹੋ ਗਈ। ਕਈ ਰੋਹਿੰਗਿਆ ਮਿਆਂਮਾਰ ਛੱਡ ਕੇ ਬੰਗਲਾਦੇਸ਼ ਆਉਣ ਲੱਗੇ ਤਾਂ ਇੱਥੇ ਵੀ ਸ਼ਰਨਾਰਥੀਆਂ ਦੀ ਜਾਂਚ ਹੋਣ ਲੱਗੀ। ਸਾਡੇ ਕੋਲ ਕੋਈ ਕਾਰਡ ਨਹੀਂ ਸੀ।''

''ਜਦੋਂ ਹਾਲਾਤ ਵਿਗੜੇ ਤਾਂ ਪਾਪਾ ਦੇ ਕੁਝ ਜਾਣਕਾਰ ਭਾਰਤ ਵਿੱਚ ਸ਼ਰਨ ਲੈ ਰਹੇ ਸਨ, ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਭਾਰਤ ਆਏ ਅਤੇ ਸਾਨੂੰ ਸੰਯੁਕਤ ਰਾਸ਼ਟਰ ਤੋਂ ਰਫਿਊਜੀ ਕਾਰਡ ਮਿਲਿਆ।''

''ਮੈਂ ਦਿੱਲੀ ਆਈ ਤਾਂ ਸਾਲ 2013 ਤੋਂ 2015 ਦੋ ਸਾਲ ਤੱਕ ਇੱਥੇ ਹਿੰਦੀ ਅਤੇ ਅੰਗ੍ਰੇਜ਼ੀ ਸਿੱਖੀ। ਇਸ ਤੋਂ ਬਾਅਦ ਮੈਂ ਅੱਗੇ ਪੜ੍ਹਨ ਬਾਰੇ ਸੋਚਿਆ। ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਸਾਇੰਸ ਪੜ੍ਹਨ ਦਾ ਮੌਕਾ ਮਿਲੇ ਪਰ ਮੇਰੇ ਕੋਲ ਆਧਾਰ ਕਾਰਡ ਨਹੀਂ ਸੀ ਤਾਂ ਸਕੂਲਾਂ ਨੇ ਦਾਖ਼ਲਾ ਨਹੀਂ ਦਿੱਤਾ। ਇਸ ਤੋਂ ਬਾਅਦ ਓਪਨ ਕੈਂਪ ਜ਼ਰੀਏ 10ਵੀਂ ਦੀ ਪ੍ਰੀਖਿਆ ਦਿੱਤੀ।''

''ਮੈਂ 11ਵੀਂ-12ਵੀਂ ਵਿੱਚ ਪੋਲੀਟੀਕਲ ਸਾਇੰਸ ਰੱਖੀ। ਇਸ ਸਾਲ ਜੂਨ ਵਿੱਚ ਘਰ ਵਾਲਿਆਂ ਨੂੰ ਮੇਰੇ ਰਿਜ਼ਲਟ ਦੀ ਉਡੀਕ ਸੀ। ਮੈਂ ਪਾਸ ਹੋਈ ਤਾਂ ਇਸ ਗੱਲ ਦੀ ਖੁਸ਼ੀ ਸੀ ਕਿ ਹੁਣ ਕਾਨੂੰਨ ਦੀ ਪੜ੍ਹਾਈ ਕਰਾਂਗੀ।''

''ਦੋ ਸਾਲ ਪਹਿਲਾਂ ਤੱਕ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਲਾਅ ਕੀ ਹੁੰਦਾ ਹੈ, ਜਦੋਂ ਇਸਦੇ ਬਾਰੇ ਸਮਝਿਆ ਤਾਂ ਲੱਗਿਆ ਕਿ ਇਹੀ ਸਾਡੀ ਜ਼ਿੰਦਹੀ ਬਿਹਤਰ ਬਣਾ ਸਕਦਾ ਹੈ।''

ਫੋਟੋ ਕੈਪਸ਼ਨ ਦਿੱਲੀ ਸਥਿਤ ਰੋਹਿੰਗਿਆ ਬਸਤੀ

ਹੁਣ ਫੀਸ ਭਰਨ ਦੇ ਪੈਸੇ ਨਹੀਂ ਹਨ

ਹੁਣ ਤਸਮੀਦਾ ਦੇ ਇਰਾਦੇ ਬੁਲੰਦ ਹਨ, ਉਸ ਦੀਆਂ ਅੱਖਾਂ ਵਿੱਚ ਕੁਝ ਕਰਨ ਦੀ ਚਮਕ ਸਾਫ਼ ਦਿਖਾਈ ਦਿੰਦੀ ਹੈ। ਪਰ ਇਸ ਖੁਸ਼ੀ ਨੂੰ ਫੀਸ ਦੀ ਚਿੰਤਾ ਫਿੱਕਾ ਕਰ ਦਿੰਦੀ ਹੈ।

ਉਹ ਕਹਿੰਦੀ ਹੈ, '' ਮੈਂ ਵਿਦੇਸ਼ੀ ਵਿਦਿਆਰਥੀ ਕੈਟੇਗਰੀ ਵਿੱਚ ਅਰਜ਼ੀ ਭਰੀ ਹੈ। ਇਸਦੀ ਸਲਾਨਾ ਫ਼ੀਸ ਅਸੀਂ ਨਹੀਂ ਦੇ ਸਕਦੇ। ਮੈਨੂੰ 3600 ਅਮਰੀਕੀ ਡਾਲਰ ਸਲਾਨਾ ਦੇਣਾ ਹੋਵੇਗਾ। ਅਸੀਂ ਕਿੱਥੋਂ ਐਨੇ ਪੈਸੇ ਲਿਆਵਾਂਗੇ? ''

ਤਸਮੀਦਾ ਨੇ ਦੱਸਿਆ ਕਿ ਉਨ੍ਹਾਂ ਲਈ ਆਨਲਾਈਨ ਫੰਡ ਰੇਜਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 1 ਲੱਖ 20 ਹਜ਼ਾਰ ਰੁਪਏ ਹੀ ਇਕੱਠੇ ਹੋਏ ਹਨ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਮੀਦ ਹੈ ਕਿ ਸਾਨੂੰ ਮਦਦ ਮਿਲੇਗੀ।

ਇਹ ਵੀ ਪੜ੍ਹੋ:

ਇਸ ਵਿਚਾਲੇ ਨੇੜੇ ਬਣੇ ਟਾਟ ਦੇ ਘਰ ਤੋਂ ਇੱਕ ਕੁੜੀ ਆ ਕੇ ਰੋਹਿੰਗਿਆ ਭਾਸ਼ਾ ਵਿੱਚ ਤਸਮੀਦਾ ਨੂੰ ਕਹਿੰਦੀ ਹੈ- ''12ਵੀਂ ਦੀ ਆਪਣੀ ਡਰੈੱਸ (ਸਕੂਲ ਯੂਨੀਫਾਰਮ) ਦੇਦੇ, ਸਿਲਾਈ ਕਰਨੀ ਹੈ।''

ਸਾਨੂੰ ਪਤਾ ਲੱਗਿਆ ਕਿ ਉਹ ਕੁੜੀ 12ਵੀਂ ਵਿੱਚ ਦਾਖ਼ਲਾ ਲੈ ਚੁੱਕੀ ਹੈ ਅਤੇ ਤਸਮੀਦਾ ਦੀ ਯੂਨੀਫਾਰਮ ਹੁਣ ਉਹ ਪਹਿਨੇਗੀ।

ਤਸਮੀਦਾ ਹੌਲੀ ਜਿਹੀ ਹੱਸ ਕੇ ਰੋਹਿੰਗਿਆ ਭਾਸ਼ਾ ਵਿੱਚ ਜਵਾਬ ਦਿੰਦੀ ਹੈ- ਧੋ ਦਿੱਤੀ ਹੈ ਸ਼ਾਮ ਨੂੰ ਲੈ ਜਾਵੀਂ।

ਅਸੀਂ ਉਮੀਦਾਂ ਨਾਲ ਭਰੇ ਦੋ ਚਿਹਰੇ ਦੇਖ ਕੇ ਆਪਣੀ ਗੱਡੀ ਵੱਲ ਤੁਰ ਪੈਂਦੇ ਹਾਂ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)